ਇਸ ਕਾਨਫਰੰਸ ਵਿੱਚ ਸ਼ਾਮਿਲ ਵੱਖ-ਵੱਖ ਬੁਲਾਰਿਆਂ ਦਾ ਮੰਨਣਾ ਸੀ ਕਿ ਠੇਕਿਆਂ ਸਮੇਤ ਨਸ਼ਾ ਵਿਕਰੀ ਦੇ ਹੋਰ ਸਾਧਨਾਂ ਦੀ ਵਧ ਰਹ ਗਿਣਤੀ ਨੂੰ ਠੱਲ੍ਹ ਪਾ ਕੇ ਖੇਡਾਂ ਨੂੰ ਉਤਸ਼ਾਹਿਤ ਕਰਕੇ ਹੀ ਨੌਜਵਾਨ ਪੀੜ੍ਹੀ ਨੂੰ ਨਸ਼ੇ ਦੀ ਲਾਹਨਤ ਤੋਂ ਦੂਰ ਕੀਤਾ ਜਾ ਸਕਦਾ ਹੈ।
ਕਾਨਫਰੰਸ ਨੂੰ ਸੰਬੋਧਨ ਕਰਦਿਆਂ ਵਿਨੀਤ ਜੋਸ਼ੀ ਨੇ ਕਿਹਾ ਕਿ ਜੋਸ਼ੀ ਫਾਊਡੇਸ਼ਨ ਵੱਲੋਂ ਨਸ਼ੇ ਵਿਰੁੱਧ ਵਿੱਢੇ ਯਤਨਾਂ ਤਹਿਤ ਹੋਏ ਸਮਾਗਮਾਂ ਦੌਰਾਨ ਇੱਕ ਗੱਲ ਉੱਭਰ ਕੇ ਸਾਹਮਣੇ ਆਈ ਹੈ ਕਿ ਨਸ਼ੇੜੀ ਲੋਕਾਂ ਨੂੰ ਮਾਨਸਿਕ ਤੌਰ ‘ਤੇ ਮਜ਼ਬੂਤ ਕੀਤਾ ਜਾਣਾ ਜਰੂਰੀ ਹੈ। ਉਨ੍ਹਾਂ ਕਿਹਾ ਕਿ ਨਸ਼ੇ ਦੇ ਆਦੀ ਬਣ ਚੁੱਕੇ ਨੌਜਵਾਨਾਂ ਨੂੰ ਮਾਨਸਿਕ ਤੌਰ ‘ਤੇ ਸਹਾਇਤਾ ਦੇ ਕੇ ਉਨ੍ਹਾਂ ਨੂੰ ਨਸ਼ੇ ਦੀਆਂ ਬੁਰਾਈਆਂ ਪ੍ਰਤੀ ਜਾਗਰੂਕ ਕੀਤਾ ਜਾਵੇ। ਇਸ ਤੋਂ ਪਹਿਲਾਂ ਆਪਣੇ ਸੰਬੋਧਨ ਵਿੱਚ ਸੀਨੀਅਰ ਭਾਜਪਾ ਆਗੂ ਸੰਦੀਪ ਰਿਣਵਾ ਨੇ ਕਿਹਾ ਕਿ ਜੋਸ਼ੀ ਫਾਊਡੇਸ਼ਨ ਵੱਲੋਂ ਵਿੱਢੀ ਇਸ ਮੁਹਿੰਮ ਨੂੰ ਇੱਕ ਸਮਾਜਿਕ ਮੁਹਿੰਮ ਬਣਾਉਣ ਲਈ ਹਰ ਇੱਕ ਨੂੰ ਯਤਨ ਕਰਨਾ ਚਾਹੀਦਾ ਹੈ।
ਕਾਨਫਰੰਸ ਨੂੰ ਸੰਬੋਧਨ ਕਰਦਿਆਂ ਖਾਦੀ ਬੋਰਡ ਦੇ ਚੇਅਰਮੈਨ ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਸਿਆਸੀ ਆਗੂਆਂ ਸਮੇਤ ਸਰਕਾਰੀ ਆਹੁਦਿਆਂ ‘ਤੇ ਤਾਇਨਾਤ ਅਧਿਕਾਰੀਆਂ ਦੇ ਡੋਪ ਟੈਸਟ ਕਰਵਾਏ ਜਾਣੇ ਚਾਹੀਦੇ ਹਨ, ਜਿਸ ਦੌਰਾਨ ਨਸ਼ੇ ਦੀ ਵਰਤੋਂ ਕਰਦੇ ਫੜ੍ਹੇ ਜਾਣ ਵਾਲੇ ਸਿਆਸੀ ਆਗੂਆਂ ਦੀ ਸਦਾ ਲਈ ਮੈਂਬਰਸ਼ਿਪ ਅਤੇ ਅਧਿਕਾਰੀਆਂ ਦੀ ਪਦਉੱਨਤੀ ਰੋਕੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਿਆਸੀ ਆਗੂਆਂ ਅਤੇ ਸਰਕਾਰੀ ਅਧਿਕਾਰੀਆਂ ਨਸ਼ੇ ਦੀ ਵਰਤੋਂ ਨਾ ਕਰਨ ਦੀ ਸਹੁੰ ਚੁੱਕ ਕੇ ਸਮੁੱਚੇ ਸਮਾਜ ਲਈ ਇੱਕ ਪ੍ਰੇਰਣਾ ਸਰੋਤ ਬਣਨਾ ਚਾਹੀਦਾ ਹੈ।
ਪੰਜਾਬ ਇੰਫੋਟੈਕ ਦੇ ਚੇਅਰਮੈਨ ਸ: ਮਨਜੀਤ ਸਿੰਘ ਰਾਏ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਸਾਨੂੰ ਸਾਡੇ ਧਰਮਾਂ ਵੱਲੋਂ ਵਿਖਾਏ ਰਾਹ ਤੇ ਚੱਲਦਿਆਂ ਆਪਣੀ ਜੀਵਨ ਜਾਂਚ ਨੂੰ ਅਜਿਹਾ ਬਣਾਉਣਾ ਚਾਹੀਦਾ ਹੈ ਕਿ ਸਾਡਾ ਜੀਵਨ ਦੁਸਰਿਆ ਲਈ ਪ੍ਰੇਰਣਾ ਸ਼੍ਰੋਤ ਬਣ ਸਕੇ। ਉਨ੍ਹਾਂ ਕਿਹਾ ਕਿ ਨੌਜਵਾਨ ਸਾਡੇ ਧਾਰਮਿਕ ਗੰ੍ਰਥ ਵੀ ਪੜ੍ਹਨ।
ਕਾਨਫਰੰਸ ਨੂੰ ਸੰਬੋਧਨ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਚਰਨਦੇਵ ਸਿੰਘ ਮਾਨ ਨੇ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਸ਼ੇ ਦੀ ਲਾਹਨਤ ਨੂੰ ਠੱਲ੍ਹ ਪਾਉਣ ਲਈ ਕਾਫ਼ੀ ਪ੍ਰਭਾਵਸ਼ਾਲੀ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਬੁਰਾਈ ਨੂੰ ਰੋਕਣ ਲਈ ਸਮਾਜ, ਸਰਕਾਰ ਅਤੇ ਪਰਿਵਾਰ ਨੂੰ ਸਾਂਝੇ ਤੌਰ ‘ਤੇ ਯਤਨ ਕੀਤੇ ਜਾਣੇ ਚਾਹੀਦੇ ਹਨ। ਇਸ ਮੌਕੇ ਐਸ.ਡੀ.ਐਮ. ਰਾਜਪਾਲ ਸਿੰਘ ਨੇ ਵੀ ਪ੍ਰਸ਼ਾਸਨ ਵੱਲੋਂ ਨਸ਼ਾ ਵਿਰੋਧੀ ਮੁਹਿੰਮ ਤਹਿਤ ਕੀਤੇ ਜਾਂਦੇ ਕੰਮਾਂ ਦੀ ਜਾਣਕਾਰੀ ਦਿੱਤੀ।
ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦਰਸ਼ਨ ਲਾਲ ਚੁੱਘ, ਸੁਨੀਲ ਟੰਡਨ ਅਤੇ ਮਨਪ੍ਰੀਤ ਸਿੰਘ ਆਦਿ ਦਾ ਕਹਿਣਾ ਸੀ ਕਿ ਖੇਡਾਂ ਨੂੰ ਉਤਸ਼ਾਹਿਤ ਕਰਕੇ ਨੌਜਵਾਨਾਂ ਨੂੰ ਨਿਰਾਸ਼ਾ ਭਰੇ ਮਾਹੌਲ ਵਿੱਚੋਂ ਕੱਢਣ ਦੇ ਯਤਨ ਕੀਤੇ ਜਾਣੇ ਚਾਹੀਦੇ ਹਨ। ਮਾਰਕੀਟ ਕਮੇਟੀ ਦੇ ਚੇਅਰਮੈਨ ਕ੍ਰਿਸ਼ਨ ਲਾਲ ਨੇ ਕਿਹਾ ਕਿ ਪਿੰਡ ਪੱਧਰ ‘ਤੇ ਕਮੇਟੀਆਂ ਬਣਾ ਕੇ ਇੱਕ ਇੱਕ ਪਿੰਡ ਨੂੰ ਨਸ਼ੇ ਖਿਲਾਫ਼ ਲਾਮਬੰਦ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਜਿਹੀ ਮੁਹਿੰਮ ਨੂੰ ਲੋਕ ਮੁਹਿੰਮ ਬਣਾ ਕੇ ਹੀ ਇਸ ਦੇ ਸਾਰਥਕ ਨਤੀਜੇ ਕੱਢੇ ਜਾ ਸਕਦੇ ਹਨ।
ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸੀਤਾ ਰਾਮ ਨੇ ਕਿਹਾ ਕਿ ਸਮਾਜ ਨੂੰ ਇਸ ਲਾਹਨਤ ਤੋਂ ਮੁਕਤ ਕਰਵਾਉਣ ਲਈ ਸਾਂਝੇ ਤੌਰ ‘ਤੇ ਮੁਹਿੰਮ ਵਿੱਢੀ ਜਾਵੇ। ਡੀ.ਏ.ਵੀ. ਕਾਲਜ ਤੋਂ ਆਏ ਡਾਕਟਰ ਵਿਨੀਤਾ ਸਿੰਘ ਦਾ ਕਹਿਣਾ ਸੀ ਕਿ ਨਸ਼ੇੜੀਆਂ ਦੀ ਮਾਨਸਿਕ ਸਥਿਤੀ ਨੂੰ ਸਮਝ ਕੇ ਉਨ੍ਹਾਂ ਨੂੰ ਬਣਦੀ ਸਹਾਇਤਾ ਦਿੱਤੀ ਜਾਵੇ। ਸ਼੍ਰੀਮਤੀ ਕੁਸਮ ਖੁੰਗਰ ਦਾ ਕਹਿਣਾ ਸੀ ਕਿ ਸਕੂਲ ਪ੍ਰਬੰਧਕਾਂ ਨੂੰ ਆਪਣੇ ਪੱਧਰ ‘ਤੇ ਚੇਤਨਾ ਮੁਹਿੰਮ ਵਿੱਢ ਕੇ ਬੱਚਿਆਂ ਦੇ ਮਾਪਿਆਂ ਨੂੰ ਇਸ ਲਈ ਤਿਆਰ ਕਰਨ ਕਿ ਮਾਪੇ ਆਪਣੇ ਬੱਚਿਆਂ ਦੀਆਂ ਮੁਸ਼ਕਿਲਾਂ ਨੂੰ ਅੱਖੋਂ ਪਰੋਖੇ ਕਰਨ ਦੀ ਬਜਾਏ ਉਸ ਦਾ ਹੱਲ ਲੱਭਣ ਲਈ ਤਿਆਰ ਹੋਣ।
ਪੱਤਰਕਾਰ ਮਹਿੰਦਰ ਸਿੰਘ ਬਹਾਵਾਲੀਆ, ਰਾਜ ਸਦੋਸ਼, ਰਜਿੰਦਰ ਸੋਨੀ ਆਦਿ ਦਾ ਕਹਿਣਾ ਸੀ ਕਿ ਨਸ਼ੇ ਦੀ ਰੋਕਥਾਮ ਲਈ ਸੁਚਾਰੂ ਕਦਮ ਚੁੱਕੇ ਜਾਣੇ ਜਰੂਰੀ ਹਨ। ਸੀ.ਡੀ.ਪੀ.ਓ. ਗੀਤਾ ਰਾਣੀ ਦਾ ਕਹਿਣਾ ਸੀ ਕਿ ਨਿੱਜੀ ਸੰਪਰਕ ਮੁਹਿੰਮ ਵਿੱਢ ਕੇ ਨਸ਼ੇ ਖਿਲਾਫ਼ ਸਫਲ ਪ੍ਰਚਾਰ ਕੀਤਾ ਜਾਣਾ ਚਾਹੀਦਾ ਹੈ। ਕਾਨਫਰੰਸ ਨੂੰ ਹੋਰਨਾਂ ਤੋਂ ਇਲਾਵਾ ਹਰਮੀਤ ਸਿੰਘ ਮਾਨ, ਗੁਰਚਰਨ ਸਿੰਘ ਗਿੱਲ, ਚਰਨਜੀਤ ਸਿੰਘ, ਐਡਵੋਕੇਟ ਦੇਸ ਰਾਜ ਕੰਬੋਜ, ਐਡਵੋਕੇਟ ਤਜਿੰਦਰ ਸਿੰਘ, ਸੁਖਦੇਵ ਸਿੰਘ ਆਦਿ ਨੇ ਵੀ ਸੰਬੋਧਿਤ ਕੀਤਾ।
ਇਸ ਮੌਕੇ ਸ੍ਰੀਮਤੀ ਵਿਜੈ ਲਕਸ਼ਮੀ ਭਾਦੂ ਹਲਕਾ ਇੰਚਾਰਜ, ਸ੍ਰੀ ਪ੍ਰਮਿਲ ਕਲਾਣੀ ਪ੍ਰਧਾਨ ਨਗਰ ਕੌਂਸਲ, ਸ੍ਰੀ ਸੀਤ ਰਾਮ ਸ਼ਰਮਾ ਜ਼ਿਲ੍ਹਾ ਪ੍ਰਧਾਨ, ਸ੍ਰੀ ਅਸੋਕ ਅਹੁਜਾ ਸੀਨਿਅਰ ਮੀਤ ਪ੍ਰਧਾਨ ਨਗਰ ਕੌਂਸਲ, ਸ੍ਰੀ ਸ਼ਿਵਚਰਨ ਗੁਪਤਾ, ਸ੍ਰੀ ਸੁਭਾਸ ਗੁਪਤਾ ਆਦਿ ਵੀ ਹਾਜਰ ਸਨ।