ਨਸ਼ੇ ਨੂੰ ਰੋਕਣ ਲਈ ਸਿਰਫ਼ ਕਾਨੂੰਨੀ ਡੰਡਾ ਹੀ ਕਾਫ਼ੀ ਨਹੀਂ: ਸਾਂਪਲਾ
ਸਮਾਜ ਦੇ ਹਰ ਵਰਗ ਨੂੰ ਜੋੜਿਆ ਜਾਵੇਗਾ ਨਸ਼ਾ ਵਿਰੋਧੀ ਮੁਹਿੰਮ ‘ਚ: ਜੋਸ਼ੀ
ਖੁਦ ਨੂੰ ਸੁਧਾਰ ਕੇ ਹੀ ਸੰਵਾਰਿਆ ਜਾ ਸਕਦੈ ਸਮਾਜ: ਮਾਹਿਰ
ਨਸ਼ੇ ਦੇ ਆਦੀਆਂ ਨੂੰ ਮੁੱਖ ਧਾਰਾ ‘ਚ ਲਿਆਉਣ ਦਾ ਹੋਵੇ ਯਤਨ: ਮਾਹਿਰ
ਬੱਚਿਆਂ ਦੀਆਂ ਇੱਛਾਵਾਂ ਦੀ ਅੰਨੇਵਾਹ ਪੂਰਤੀ ਨਸ਼ੇ ਦਾ ਮੁੱਖ ਕਾਰਨ: ਮਾਹਿਰ
ਸਰਕਾਰੀ ਪੱਧਰ ‘ਤੇ ਚੁੱਕੇ ਜਾਣ ਸਖਤ ਅਤੇ ਪ੍ਰਭਾਵਸ਼ਾਲੀ ਕਦਮ: ਮਾਹਿਰ
ਜੋਸ਼ੀ ਫਾਊਡੇਸ਼ਨ ਦੇ ਸਹਿਯੋਗ ਨਾਲ ਕਰਵਾਈ ਨਸ਼ੇ ਵਿਰੁੱਧ ਗੋਲਮੇਜ ਕਾਨਫਰੰਸ

 

 

 

 

ਪੰਜਾਬ ਸਰਕਾਰ ਦੇ ਸਹਾਇਕ ਮੀਡੀਆ ਸਲਾਹਕਾਰ ਵਿਨੀਤ ਜੋਸ਼ੀ ਵੱਲੋਂ ਜੋਸ਼ੀ ਫਾਊਡੇਸ਼ਨ ਚੰਡੀਗੜ੍ਹ ਦੇ ਸਹਿਯੋਗ ਨਾਲ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਨਸ਼ੇ ਵਿਰੁੱਧ ਇੱਕ ਗੋਲਮੇਜ ਕਾਨਫਰੰਸ ਕਰਵਾਈ ਗਈ। ਕਾਨਫਰੰਸ ਵਿੱਚ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਖੁਦ ਵਿੱਚ ਸੁਧਾਰ ਲਿਆ ਕੇ ਹੀ ਇੱਕ ਚੰਗੇ ਸਮਾਜ ਦੀ ਸਿਰਜਨਾ ਕਰਨ ਦੀ ਕਲਪਨਾ ਕੀਤੀ ਜਾ ਸਕਦੀ ਹੈ। ਕਾਨਫਰੰਸ ਵਿੱਚ ਮੁੱਖ ਮਹਿਮਾਨ ਵਜੋਂ ਕੇਂਦਰੀ ਰਾਜ ਮੰਤਰੀ ਵਿਜੈ ਸਾਂਪਲਾ ਹਾਜ਼ਰ ਹੋਏ।
ਕਾਨਫਰੰਸ ਨੂੰ ਸੰਬੋਧਨ ਕਰਦਿਆਂ ਵਿਨੀਤ ਜੋਸ਼ੀ ਨੇ ਕਿਹਾ ਕਿ ਸਮਾਜ ਵਿੱਚ ਸੁਧਾਰ ਲਿਆਉਣ ਲਈ ਸਰਕਾਰ ਦੇ ਨਾਲ ਸਮਾਜ ਅਤੇ ਪਰਿਵਾਰ ਨੂੰ ਵੀ ਸਾਂਝੇ ਯਤਨ ਕਰਨੇ ਪੈਣਗੇ। ਉਨ੍ਹਾਂ ਕਿਹਾ ਕਿ ਫਾਊਡੇਸ਼ਨ ਵੱਲੋਂ ਇਹ ਯਤਨ ਕੀਤਾ ਜਾ ਰਿਹਾ ਹੈ ਕਿ ਸਮਾਜ ਦੇ ਹਰ ਵਰਗ ਨੂੰ ਇਸ ਸਮੱਸਿਆ ਦੇ ਹੱਲ ਲਈ ਇੱਕ ਮੰਚ ‘ਤੇ ਇਕੱਠਾ ਕੀਤਾ ਜਾਵੇ।
ਕਾਨਫਰੰਸ ਦੌਰਾਨ ਕੇਂਦਰੀ ਮੰਤਰੀ ਵਿਜੈ ਸਾਂਪਲਾ ਨੇ ਕਿਹਾ ਕਿ ਨਸ਼ੇ ਨੂੰ ਠੱਲ੍ਹ ਪਾਉਣ ਲਈ ਸਿਰਫ਼ ਕਾਨੂੰਨੀ ਡੰਡਾ ਹੀ ਕਾਫ਼ੀ ਨਹੀਂ ਹੈ ਬਲਕਿ ਇਸ ਲਈ ਇੱਕ ਸਮਾਜਿਕ ਲਹਿਰ ਬਣਾਉਣੀ ਜਰੂਰੀ ਹੈ। ਉਨ੍ਹਾਂ ਕਿਹਾ ਕਿ ਸਖਤੀ ਨਾਲ ਗੱਲ ਮਨਾਉਣ ਦੀ ਥਾਂ ‘ਤੇ ਜੇਕਰ ਉਸ ਨੂੰ ਸਮਝਾ ਕੇ ਉਕਤ ਗੱਲ ਦੇ ਖਿਲਾਫ਼ ਤਿਆਰ ਕੀਤਾ ਜਾਵੇ ਤਾਂ ਉਹ ਜ਼ਿਆਦਾ ਪ੍ਰਭਾਵਸ਼ਾਲੀ ਸਾਬਿਤ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਨਸ਼ੇ ਦੇ ਆਦਿ ਵਿਅਕਤੀ ਨੂੰ ਇੱਕ ਮਰੀਜ ਵਜੋਂ ਦੇਖਣਾ ਚਾਹੀਦਾ ਹੈ, ਜਿਸ ਦੀ ਮਾਨਸਿਕ ਦਸ਼ਾ ਨੂੰ ਸਮਝ ਕੇ ਉਸ ਨੂੰ ਨਸ਼ੇ ਦੇ ਖਿਲਾਫ਼ ਤਿਆਰ ਕੀਤਾ ਜਾਣਾ ਚਾਹੀਦਾ ਹੈ।
ਕਾਨਫਰੰਸ ਨੂੰ ਸੰਬੋਧਨ ਕਰਦਿਆਂ ਖਾਦੀ ਬੋਰਡ ਦੇ ਚੇਅਰਮੈਨ ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਸਿਆਸੀ ਆਗੂ ਨਸ਼ੇ ਦੀ ਵਰਤੋਂ ਨਾ ਕਰਨ ਦੀ ਸਹੁੰ ਚੁੱਕਣ ਅਤੇ ਸਮੁੱਚੇ ਸਮਾਜ ਲਈ ਇੱਕ ਪ੍ਰੇਰਣਾ ਸਰੋਤ ਬਣਨ। ਉਨ੍ਹਾਂ ਕਿਹਾ ਕਿ ਸਿਆਸੀ ਆਗੂਆਂ ਲਈ ਡੋਪ ਟੈਸਟ ਜਰੂਰੀ ਹੋਣਾ ਚਾਹੀਦਾ ਹੈ, ਜੇਕਰ ਉਹ ਨਸ਼ੇ ਦਾ ਆਦਿ ਨਿਕਲਦਾ ਹੈ ਤਾਂ ਉਸ ਦੀ ਮੈਂਬਰਸ਼ਿਪ ਖਤਮ ਹੋਣੀ ਚਾਹੀਦੀ ਹੈ। ਇਸ ਮੌਕੇ ਬੋਲਦਿਆਂ ਸਾਂਈ ਗਰੁੱਪ ਆਫ਼ ਐਜੂਕੇਸ਼ਨ ਦੇ ਚੇਅਰਮੈਨ ਐਸ.ਕੇ. ਪੁੰਜ ਨੇ ਕਿਹਾ ਕਿ ਨਸ਼ੇ ਵਿਰੁੱਧ ਮੁਹਿੰਮ ਲਈ ਸਿਆਸੀ ਆਗੂਆਂ ਨੂੰ ਮੋਹਰੀ ਭੂਮਿਕਾ ਨਿਭਾਉਣੀ ਚਾਹੀਦੀ ਹੈ।
ਕਾਨਫਰੰਸ ਦੌਰਾਨ ਨਸ਼ਾ ਮੁਕਤੀ ਕੇਂਦਰ ਤੋਂ ਆਏ ਪ੍ਰਸਿੱਧ ਲੇਖਕ ਮੋਹਨ ਸ਼ਰਮਾ ਨੇ ਕਿਹਾ ਕਿ ਨਸ਼ੇ ਦੇ ਆਦੀ ਲੋਕਾਂ ਨੂੰ ਮੁੱਖ ਧਾਰਾ ਵਿੱਚ ਲਿਆਉਣ ਦੇ ਯਤਨ ਕੀਤੇ ਜਾਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਨਸ਼ਾ ਵਿਰੋਧੀ ਮੁਹਿੰਮ ਵਿੱਚ ਧਰਮ, ਸੱਭਿਅਤਾ ਅਤੇ ਹੋਰ ਵਰਗਾਂ ਨੂੰ ਜੋੜ ਕੇ ਇੱਕ ਸਾਂਝਾ ਯਤਨ ਕੀਤਾ ਜਾਣਾ ਜਰੂਰੀ ਹੈ।
ਬਿਰਧ ਆਸ਼ਰਮ ਦੇ ਪ੍ਰਧਾਨ ਬਲਦੇਵ ਸਿੰਘ ਨੇ ਕਿਹਾ ਕਿ ਮਾਪਿਆਂ ਦੇ ਨਾਲ ਹੀ ਸਮਾਜ ਵੀ ਨਸ਼ੇੜੀਆਂ ਨੂੰ ਰੋਕਣ ਲਈ ਆਪਣੀ ਬਣਦੀ ਭੂਮਿਕਾ ਬਣਾਉਣ। ਉਨ੍ਹਾਂ ਕਿਹਾ ਕਿ ਨਸ਼ੇੜੀਆਂ ਨੂੰ ਸ਼ਰੇਆਮ ਰੋਕ ਟੋਕ ਕੇ ਹੀ ਨਸ਼ੇ ਤੋਂ ਦੂਰ ਕੀਤਾ ਜਾ ਸਕਦਾ ਹੈ। ਅਧਿਆਪਕ ਰਣਵੀਰ ਸਿੰਘ ਸਿੱਧੂ ਨੇ ਕਿਹਾ ਕਿ ਬੱਚਿਆਂ ਦੀਆਂ ਇੱਛਾਵਾਂ ਦੀ ਅੰਨੇਵਾਹ ਪੂਰਤੀ ਕਰਕੇ ਮਾਪੇ ਉਨ੍ਹਾਂ ਨੂੰ ਗਲਤ ਰਸਤੇ ‘ਤੇ ਪਾਉਣ ਵਿੱਚ ਆਪਣੀ ਭੂਮਿਕਾ ਨਿਭਾਅ ਰਹੇ ਹਨ, ਜਿਸ ਨੂੰ ਰੋਕਿਆ ਜਾਣਾ ਜਰੂਰੀ ਹੈ। ਨਗਰ ਕੌਂਸਲਰ ਪਿਆਰਾ ਸਿੰਘ ਨੇ ਕਿਹਾ ਕਿ ਜੇਕਰ ਹਰ ਇਨਸਾਨ ਆਪਣੇ ਆਪ ਨੂੰ ਸੁਧਾਰ ਲਵੇ ਤਾਂ ਸਮਾਜ ਨੂੰ ਸੁਧਾਰਿਆ ਜਾ ਸਕਦਾ ਹੈ।
ਐਨ.ਜੀ.ਓ. ਐਸੋਸ਼ੀਏਸ਼ਨ ਦੇ ਪ੍ਰਧਾਨ ਪਰਮਜੀਤ ਸਿੰਘ ਜਟਾਣਾ ਨੇ ਕਿਹਾ ਕਿ ਸਮਾਜਿਕ ਸੰਗਠਨ ਨਸ਼ੇੜੀਆਂ ਤੋਂ ਇਲਾਵਾ ਨਸ਼ੇ ਦੇ ਸੌਦਾਗਰਾਂ ਖਿਲਾਫ਼ ਤੇਜ ਮੁਹਿੰਮ ਵਿੱਢਣ, ਤਾਂ ਜੋ ਇੱਕ ਵੱਡੀ ਸਮਾਜਿਕ ਲਹਿਰ ਸਿਰਜੀ ਜਾ ਸਕੇ। ਬਾਬਾ ਬੰਦਾ ਸਿੰਘ ਬਹਾਦਰ ਫਾਊਡੇਸ਼ਨ ਦੇ ਰਾਜ ਕੁਮਾਰ ਸ਼ਰਮਾ ਨੇ ਕਿਹਾ ਕਿ ਨਸ਼ੇ ਖਿਲਾਫ਼ ਸਖਤ ਰਣਨੀਤੀ ਬਣਾਈ ਜਾਣੀ ਜਰੂਰੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਨਾਲ ਹੀ ਸਮਾਜਿਕ ਸੰਸਥਾਵਾਂ ਨੂੰ ਮਿਲਕੇ ਨਸ਼ੇ ਖਿਲਾਫ਼ ਕਾਰਵਾਈ ਕਰਨੀ ਚਾਹੀਦੀ ਹੈ। ਰਵਿੰਦਰ ਸਿੰਘ ਅਤੇ ਪਿਆਰਾ ਸਿੰਘ ਨੇ ਕਿਹਾ ਕਿ ਨਸ਼ਿਆਂ ਦੀ ਹੁੰਦੀ ਇਸ਼ਤਿਹਾਰਬਾਜੀ ਨੂੰ ਤੁਰੰਤ ਰੋਕਿਆ ਜਾਵੇ।
ਕਾਨਫਰੰਸ ਨੂੰ ਹੋਰਨਾਂ ਤੋਂ ਇਲਾਵਾ ਚੇਅਰਮੈਨ ਮਨਜੀਤ ਸਿੰਘ ਰਾਏ, ਭਾਜਪਾ ਦੀ ਸਟੇਟ ਕਮੇਟੀ ਮੈਂਬਰ ਸਤਵੰਤ ਸਿੰਘ ਪੂਨੀਆ, ਐਡਵੋਕੇਟ ਲਲਿਤ ਕੁਮਾਰ ਗਰਗ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਜੋਗੀ ਰਾਮ, ਭਗਵਾਨ ਦਾਸ, ਗੁਰਮੇਲ ਸਿੰਘ ਸਕਰੌਦੀ ਆਦਿ ਨੇ ਸੰਬੋਧਨ ਕੀਤਾ।

 

About The Author

Related posts

Leave a Reply

Your email address will not be published.