ਜੋਸ਼ੀ ਫਾਊਡੇਸ਼ਨ ਦੇ ਸਹਿਯੋਗ ਨਾਲ ਕਰਵਾਈ ਨਸ਼ੇ ਵਿਰੁੱਧ ਗੋਲਮੇਜ ਕਾਨਫਰੰਸ
ਮਲੋਟ, 2 ਜੂਨ – ਕੇਂਦਰੀ ਰਾਜ ਮੰਤਰੀ ਵਿਜੈ ਸਾਂਪਲਾ ਨੇ ਕਿਹਾ ਕਿ ਦੇਸ਼ ਵਿੱਚੋਂ ਨਸ਼ੇ ਦੇ ਖਾਤਮੇ ਲਈ ਸਾਨੂੰ ਸਾਰਿਆਂ ਨੂੰ ਨਿੱਜੀ ਹਿੱਤਾਂ ਤੋਂ ਉੱਪਰ ਉੱਠ ਕੇ ਯਤਨ ਕਰਨੇ ਪੈਣਗੇ। ਅੱਜ ਸਥਾਨਕ ਐਡਵਰਡ ਗੰਜ ਰੈਸਟ ਹਾਊਸ ਵਿਖੇ ਪੰਜਾਬ ਸਰਕਾਰ ਦੇ ਸਹਾਇਕ ਮੀਡੀਆ ਸਲਾਹਕਾਰ ਵਿਨੀਤ ਜੋਸ਼ੀ ਵੱਲੋਂ ਜੋਸ਼ੀ ਫਾਊਡੇਸ਼ਨ ਚੰਡੀਗੜ੍ਹ ਦੇ ਸਹਿਯੋਗ ਨਾਲ ਨਸ਼ੇ ਵਿਰੁੱਧ ਕਰਵਾਈ ਗਈ ਗੋਲਮੇਜ ਕਾਨਫਰੰਸ ਦੌਰਾਨ ਉਨ੍ਹਾਂ ਕਿਹਾ ਕਿ ਦੇਸ਼ ਦੀ ਜਵਾਨੀ ਨੂੰ ਨਸ਼ੇ ਦੇ ਚੁੰਗਲ ਵਿੱਚੋਂ ਕੱਢਣ ਲਈ ਸਮੂਹਿਕ ਰਾਜਨੀਤਿਕ ਆਗੂਆਂ ਨੂੰ ਸਿਆਸੀ ਵਿਤਕਰੇਬਾਜ਼ੀ ਤੋਂ ਉੱਪਰ ਉੱਠਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਹ ਇਸ ਮੁਹਿੰਮ ਨਾਲ ਨਾ ਤਾਂ ਮੰਤਰੀ ਵਜੋਂ ਜੁੜੇ ਹਨ ਅਤੇ ਨਾ ਹੀ ਸਿਆਸੀ ਆਗੂ ਵਜੋਂ ਬਲਕਿ ਉਹ ਆਪਣੀ ਇੱਕ ਸਮਾਜਿਕ ਜਿੰਮੇਵਾਰੀ ਮੰਨਦੇ ਹੋਏ ਇਸ ਨਾਲ ਜੁੜੇ ਹਨ।
ਕਾਨਫਰੰਸ ਨੂੰ ਸੰਬੋਧਨ ਕਰਦਿਆਂ ਵਿਨੀਤ ਜੋਸ਼ੀ ਨੇ ਕਿਹਾ ਕਿ ਜੋਸ਼ੀ ਫਾਊਡੇਸ਼ਨ ਵੱਲੋਂ ਨਸ਼ੇ ਵਿਰੁੱਧ ਵਿੱਢੇ ਯਤਨਾਂ ਦੇ ਸਾਰਥਕ ਨਤੀਜੇ ਦਿਖਾਈ ਦੇਣ ਲੱਗੇ ਹਨ ਅਤੇ ਛੇਤੀ ਹੀ ਇਹ ਮੁਹਿੰਮ ਆਪਣੇ ਪ੍ਰਭਾਵ ਨਾਲ ਪੰਜਾਬ ਨੂੰ ਨਸ਼ਾਮੁਕਤ ਕਰਵਾਉਣ ਲਈ ਆਪਣਾ ਯੋਗਦਾਨ ਪਾਵੇਗੀ। ਉਨ੍ਹਾਂ ਕਿਹਾ ਕਿ ਕਿਸੇ ਵੀ ਬਿਮਾਰੀ ਦੇ ਖਾਤਮੇ ਲਈ ਸਾਂਝੇ ਯਤਨਾਂ ਦੀ ਲੋੜ ਹੁੰਦੀ ਹੈ ਅਤੇ ਸਾਡੀ ਜਵਾਨੀ ਦੇ ਭਵਿੱਖ ਨੂੰ ਬਚਾਉਣ ਲਈ ਸਾਨੂੰ ਹੁਣ ਇੱਕਜੁਟ ਹੋਣਾ ਪਵੇਗਾ।
ਕਾਨਫਰੰਸ ਨੂੰ ਸੰਬੋਧਨ ਕਰਦਿਆਂ ਖਾਦੀ ਬੋਰਡ ਦੇ ਚੇਅਰਮੈਨ ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਸਿਆਸੀ ਆਗੂਆਂ ਸਮੇਤ ਸਰਕਾਰੀ ਆਹੁਦਿਆਂ ‘ਤੇ ਤਾਇਨਾਤ ਅਧਿਕਾਰੀਆਂ ਦੇ ਡੋਪ ਟੈਸਟ ਕਰਵਾਏ ਜਾਣੇ ਚਾਹੀਦੇ ਹਨ, ਜਿਸ ਦੌਰਾਨ ਨਸ਼ੇ ਦੀ ਵਰਤੋਂ ਕਰਦੇ ਫੜ੍ਹੇ ਜਾਣ ਵਾਲੇ ਸਿਆਸੀ ਆਗੂਆਂ ਦੀ ਸਦਾ ਲਈ ਮੈਂਬਰਸ਼ਿਪ ਅਤੇ ਅਧਿਕਾਰੀਆਂ ਦੀ ਪਦਉੱਨਤੀ ਰੋਕੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਿਆਸੀ ਆਗੂਆਂ ਅਤੇ ਸਰਕਾਰੀ ਅਧਿਕਾਰੀਆਂ ਨਸ਼ੇ ਦੀ ਵਰਤੋਂ ਨਾ ਕਰਨ ਦੀ ਸਹੁੰ ਚੁੱਕ ਕੇ ਸਮੁੱਚੇ ਸਮਾਜ ਲਈ ਇੱਕ ਪ੍ਰੇਰਣਾ ਸਰੋਤ ਬਣਨਾ ਚਾਹੀਦਾ ਹੈ।
ਪੰਜਾਬ ਇੰਫੋਟੈਕ ਦੇ ਚੇਅਰਮੈਨ ਮਨਜੀਤ ਸਿੰਘ ਰਾਏ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਸਾਨੂੰ ਸਾਡੇ ਧਰਮਾਂ ਵੱਲੋਂ ਵਿਖਾਏ ਰਾਹ ਤੇ ਚੱਲਦਿਆਂ ਆਪਣੀ ਜੀਵਨ ਜਾਂਚ ਨੂੰ ਅਜਿਹਾ ਬਣਾਉਣਾ ਚਾਹੀਦਾ ਹੈ ਕਿ ਸਾਡਾ ਜੀਵਨ ਦੁਸਰਿਆ ਲਈ ਪ੍ਰੇਰਣਾ ਸ਼੍ਰੋਤ ਬਣ ਸਕੇ। ਉਨ੍ਹਾਂ ਕਿਹਾ ਕਿ ਨੌਜਵਾਨ ਸਾਡੇ ਧਾਰਮਿਕ ਗੰ੍ਰਥ ਵੀ ਪੜ੍ਹਨ।
ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮਨੋਜ ਅਸਰੀਚਾ ਨੇ ਕਿਹਾ ਕਿ ਨਸ਼ੇ ਵਿਰੁੱਧ ਮੁਹਿੰਮ ਇੱਕ ਚੁਣੌਤੀ ਭਰਿਆ ਮੁੱਦਾ ਹੈ ਅਤੇ ਇਸ ਲਈ ਸਭ ਨੂੰ ਗੰਭੀਰਤਾ ਨਾਲ ਯਤਨ ਕਰਨੇ ਹੋਣਗੇ। ਅਧਿਆਪਕ ਆਗੂ ਸੁਦਰਸ਼ਨ ਜੱਗਾ ਨੇ ਕਿਹਾ ਕਿ ਨੌਜਵਾਨਾਂ ਵਿੱਚ ਸਮਾਜਿਕ ਤਾਣੇਬਾਣੇ ਪ੍ਰਤੀ ਫੈਲੀ ਬੇਭਰੋਯੋਗਤਾ ਨੂੰ ਖਤਮ ਕਰਨ ਲਈ ਸੁਚੱਜੇ ਯਤਨ ਕੀਤੇ ਜਾਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਜਵਾਨੀ ਨੂੰ ਨਸ਼ੇ ਤੋਂ ਰੋਕਣ ਲਈ ਖੁਰਾਕੀ ਤੱਤਾਂ ਦੀ ਉਪਲਬਤਾ ਸੁਖਾਲੀ ਹੋਣੀ ਚਾਹੀਦੀ ਹੈ। ਪ੍ਰਿੰਸੀਪਲ ਹਰੀਸ਼ ਗਰੋਵਰ ਨੇ ਕਿਹਾ ਕਿ ਸਕੂਲੀ ਸਿੱਖਿਆ ਵਿੱਚੋਂ ਸਰੀਰਕ ਸਿੱਖਿਆ ਦਾ ਵਿਸ਼ਾ ਖਤਮ ਕਰਨਾ ਵੀ ਘਾਤਕ ਸਾਬਿਤ ਹੋ ਰਿਹਾ ਹੈ, ਜਿਸ ਕਾਰਨ ਅਜੌਕੀ ਪੀੜ੍ਹੀ ਖੇਡਾਂ ਤੋਂ ਦੂਰ ਹੋ ਕੇ ਨਿਰਾਸ਼ਤਾ ਦੇ ਮਾਹੌਲ ਵਿੱਚ ਜਾ ਰਹੀ ਹੈ। ਕਾਨਫਰੰਸ ਨੂੰ ਹੋਰਨਾਂ ਤੋਂ ਇਲਾਵਾ ਅਨਿਲ ਜੁਨੇਜਾ, ਰਜਿੰਦਰ ਭਠੇਜਾ, ਡਾਕਟਰ ਤਾਰਾ ਚੰਦ ਸ਼ਰਮਾ, ਸਖਜੀਤ ਸਿੰਘ, ਹੇਮੰਤ ਡੋਗਰਾ, ਡਾ: ਸੇਖੋਂ, ਗੁਰਮੀਤ ਸਿੰਘ ਸੇਖੋਂ ਅਤੇ ਪਾਲਾ ਸਿੰਘ ਆਦਿ ਨੇ ਵੀ ਸੰਬੋਧਿਤ ਕੀਤਾ।